ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕਸੇਗੀ ਕੈਨੇਡਾ ਸਰਕਾਰ PDF PRINT ਈ ਮੇਲ

ਔਟਵਾ (ਕੈਨੇਡਾ) : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਜੈਸਨ ਕੈਨੀ ਨੇ ਕਿਹਾ ਹੈ ਕਿ ਸਰਕਾਰ ਪ੍ਰਵਾਸੀਆਂ ਨੂੰ ਕੁਰਾਹੇ ਪਾਉਣ ਵਾਲ਼ੇ ਅਣ-ਅਧਿਕਾਰਤ ਅਤੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ਖ਼ਿਲਾਫ਼ ਸ਼ਿਕੰਜਾ ਕਸੇਗੀ।  ਉਨ੍ਹਾਂ ਕਿਹਾ ਕਿ ਇਹੋ ਸਲਾਹਕਾਰ ਹੀ ਨਵੇਂ ਪ੍ਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪੁੱਠੀਆਂ ਮੱਤਾਂ ਦੇ-ਦੇ ਕੇ ਜਾਅਲੀ ਦਸਤਾਵੇਜ਼ ਸਿਟੀਜ਼ਨਸ਼ਿਪ ਜਾਂ ਵੀਜ਼ਾ ਅਰਜ਼ੀਆਂ ਨਾਲ਼ ਲਗਵਾਉਂਦੇ  ਹਨ।  ਉਨ੍ਹਾਂ ਇੱਕ ਉਦਾਹਰਣ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡਾ ਦੀ

ਨਾਗਰਿਕਤਾ ਹਾਸਲ ਕਰਨ ਲਈ ਪੁੱਜਣ ਵਾਲ਼ੀਆਂ 300 ਅਜਿਹੀਆਂ ਅਰਜ਼ੀਆਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਉਤੇ ਪਤਾ ਇੱਕੋ ਲਿਖਿਆ ਹੋਇਆ ਹੈ।  ਇਕੋ ਪਤਾ ਲਿਖਣ ਦੀ ਸਲਾਹ ਸਿਰਫ਼ ਇਹ ਇਮੀਗ੍ਰੇਸ਼ਨ ਸਲਾਹਕਾਰ ਹੀ ਦੇ ਸਕਦੇ ਹਨ।  ਸ੍ਰੀ ਜੈਸਨ ਕੈਨੀ ਨੇ ਕਿਹਾ ਕਿ ਸਰਕਾਰ ਇਸ ਵਰ੍ਹੇ ਇਮਗ੍ਰੇਸ਼ਨ ਸਲਾਹਕਾਰਾਂ ਨੂੰ ਕੰਟਰੋਲ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢਣ ਜਾ ਰਹੀ ਹੈ।  ਇਸ ਮੁਹਿੰਮ ਅਧੀਨ ਆਮ ਜਨਤਾ ਨੂੰ ਪੁੱਠੇ ਰਾਹ ਪਾਉਣ ਵਾਲ਼ੇ ਜਾਅਲੀ ਦਸਤਾਵੇਜ਼ ਆਪਣੀਆਂ ਅਰਜ਼ੀਆਂ ਨਾਲ਼ ਲਾਉਣ ਦੀਆਂ ਸਲਾਹ ਦੇਣ ਵਾਲ਼ੇ ਸਲਾਹਕਾਰਾਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਜਿਹੜੀਆਂ 300 ਅਰਜ਼ੀਆਂ ਫੜੀਆਂ ਗਈਆਂ ਹਨ, ਇਹ ਤਾਂ ਹਾਲ਼ੇ ਸਿਰਫ਼ ਇੱਕ ਛੋਟੀ ਜਿਹੀ ਸ਼ੁਰੂਆਤ ਹੈ; ਹਾਲ਼ੇ ਅਜਿਹੇ ਅਣਗਿਣਤ ਮਾਮਲੇ ਸਾਹਮਣੇ ਆਉਣਗੇ।  ਉਨ੍ਹਾਂ ਕਿਹਾ ਕਿ ਇਹ ਸਮੱਸਿਆ ਵਿਆਪਕ ਹੈ ਅਤੇ ਉਨ੍ਹਾਂ ਅਜਿਹੀਆਂ ਧੋਖਾਧੜੀ ਵਾਲ਼ੀਆਂ ਅਨੇਕਾਂ ਅਰਜ਼ੀਆਂ ਖ਼ੁਦ ਵੇਖੀਆਂ ਹਨ।  ‘‘ਮੈਂ ਮਿਸੀਸਾਗਾ ਵਿਖੇ ਵੀ ਇੱਕ ਅਜਿਹਾ ਮਾਮਲਾ ਵੇਖਿਆ ਸੀ, ਜਿੱਥੇ ਇਕੋ ਪਤੇ ਉਤੇ 25 ਪ੍ਰਵਾਸੀ ਰਹਿੰਦੇ ਵਿਖਾਏ ਗਏ ਸਨ।’’  ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਵਾਸੀ ਕਾਗਜ਼ਾਂ ਮਿਸੀਸਾਗਾ ਦੇ ਇੱਕ ਸਭਿਆਚਾਰਕ ਕੇਂਦਰ ਫ਼ਲਸਤੀਨ ਹਾਊਸ ਦੇ ਨਾਲ਼ ਲਗਦੇ ਇੱਕ ਦਫ਼ਤਰ ਦੇ ਪਤੇ ਉਤੇ ਰਹਿੰਦੇ ਦਰਸਾਏ ਗਏ ਸਨ।  ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ਼ ਅਜਿਹੀਆਂ ਧੋਖਾਧੜੀਆਂ ਬਾਰੇ ਤੁਰੰਤ ਪਤਾ ਲੱਗ ਸਕੇਗਾ।

 
< Prev   Next >
Programming and Design :: Mehra Media