|
ਨਰਸਿੰਗ ਕਾਲਜ ਦੀਆਂ ਲੜਕੀਆਂ ਨੂੰ ਘੜੀਸ-ਘੜੀਸ ਕੇ ਕੁੱਟਿਆ |
|
|
|
|
ਜਗਰਾਉਂ: ਜਗਰਾਉਂ ਨੇੜੇ ਜੀਵਨ ਜੋਤ ਨਰਸਿੰਗ ਇੰਸਟੀਚਿਊਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਥੋਂ ਦੇ ਨੇੜੇ ਦੇ ਠਾਠ ਦੇ ਸਾਧ ਵਲੋਂ ਆਪਣੇ ਗੁੰਡਿਆਂ ਸਮੇਤ ਕਾਲਜ ’ਤੇ ਧਾਵਾ ਬੋਲ ਦਿੱਤਾ ਗਿਆ ਅਤੇ ਕਾਲਜ ਵਿਚ ਕੋਰਸ ਕਰ ਰਹੀਆਂ ਵਿਦਿਆਰਥਣਾਂ ਅਤੇ ਸਟਾਫ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਨੌਜਵਾਨ ਲੜਕੀਆਂ ਦੀ ਸਾਧ ਦੇ ਗੁੰਡਿਆਂ ਵਲੋਂ ਖਿੱਚ ਧੂਹ ਕੀਤੀ ਗਈ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਨਾ ਬਖਸ਼ਿਆ ਗਿਆ ਅਤੇ ਉਨ੍ਹਾਂ ’ਤੇ ਗੁੰਡਿਆਂ ਵਲੋਂ ਕਾਤਲਾਨਾ ਹਮਲਾ ਕਰ ਦਿੱਤਾ
ਗਿਆ, ਜਿਸ ਕਾਰਨ ਪੱਤਰਕਾਰਾਂ ਨੇ ਭੱਜ ਕੇ ਜਾਨ ਬਚਾਈ। ਮੌਕੇ ’ਤੇ ਪੁਲਿਸ ਦੇ ਪਹੁੰਚਣ ਕਾਰਨ ਵੱਡੀ ਘਟਨਾ ਵਾਪਰਨ ਤੋਂ ਟਲ ਗਈ। ਸਾਧ ਨਾਲ ਆਏ ਤਕਰੀਬਨ 60 ਗੁੰਡੇ ਹਥਿਆਰਾਂ ਨਾਲ ਲੈਸ ਸਨ। ਗੁੰਡਿਆਂ ਵਲੋਂ ਦੋ ਗੱਡੀਆਂ ਅਤੇ ਕਾਲਜ ਦੀ ਕਾਫੀ ਭੰਨ ਤੋੜ ਕੀਤੀ ਗਈ। ਜਗਰਾਉਂ ਨੇੜੇ ਪਿੰਡ ਸਵੱਦੀ ਖੁਰਦ ਦੀ ਥੇਹ ’ਤੇ ਇਕ ਜੀਵਨ ਜੋਤ ਨਰਸਿੰਗ ਕਾਲਜ ਸਥਿਤ ਹੈ ਅਤੇ ਇਸ ਕਾਲਜ ਦੀ ਮਾਲਕੀ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਪੋਤਰੇ ਅਤੇ ਠਾਠ ਕੰਨੀਆਂ ਅਤੇ ਸ਼ੇਰਪੁਰ ਦੇ ਠਾਠ ਦੇ ਸਾਧ ਚਰਨ ਸਿੰਘ ਦੇ ਨਾਂ ਹੈ ਅਤੇ ਇਸ ਸਾਧ ਵਲੋਂ ਇਹ ਕਾਲਜ ਨੂੰ ਨੌਂ ਸਾਲ ਦੀ ਲੀਜ਼ ਉਪਰ ਜੀਵਨ ਜੋਤ ਨਰਸਿੰਗ ਟਰੱਸਟ ਨੂੰ ਦਿੱਤਾ ਹੋਇਆ ਹੈ। ਕਾਲਜ ਦੇ ਟਰੱਸਟੀਆਂ ਦੀ ਆਪਸੀ ਧੜੇਬੰਦੀ ਕਾਰਨ ਇਸ ਇੰਸਟੀਚਿਊਟ ਦੀ ਮਾਲਕੀ ਲਈ ¦ਮੇ ਸਮੇਂ ਤੋਂ ਰੇੜਕਾ ਚਲਦਾ ਆ ਰਿਹਾ ਹੈ। ਇਸ ਸਮੇਂ ਇਸ ਨਰਸਿੰਗ ਕਾਲਜ ਨੂੰ ਡਾ. ਬਲਦੇਵ ਸਿੰਘ ਵਲੋਂ ਚਲਾਇਆ ਜਾ ਰਿਹਾ ਹੈ, ਜਦੋਂ ਕਿ ਕੁਝ ਸਮਾਂ ਪਹਿਲਾਂ ਡਾ. ਬਲਦੇਵ ਸਿੰਘ ਅਤੇ ਡਾ. ਪਰਮਿੰਦਰ ਸਿੰਘ ਧਾਲੀਵਾਲ ਵਲੋਂ ਇਕ ਟਰੱਸਟ ਬਣਾ ਕੇ ਇਸ ਸੰਸਥਾ ਨੂੰ ਚਲਾਇਆ ਜਾ ਰਿਹਾ ਸੀ ਪ੍ਰੰਤੂ ਕੁਝ ਸਮੇਂ ਤੋਂ ਆਪਸੀ ਮਤਭੇਦ ਕਾਰਨ ਇਸ ਕਾਲਜ ਨੂੰ ਲੈ ਕੇ ਦੋਵਾਂ ਧਿਰਾਂ ਵਲੋਂ ਜ਼ੋਰ-ਅਜਮਾਈ ਕੀਤੀ ਜਾ ਰਹੀ ਸੀ ਅਤੇ ਪਿਛਲੇ ਤਿੰਨ ਦਿਨ ਤੋਂ ਇਸ ਬਾਬਤ ਕਾਫੀ ਗਰਮਾ-ਗਰਮੀ ਹੋ ਰਹੀ ਸੀ, ਪ੍ਰੰਤੂ ਅੱਜ ਸਾਧ ਚਰਨ ਸਿੰਘ ਅਤੇ ਡਾ. ਪਰਮਿੰਦਰ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਕਾਲਜ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਧਾਵਾ ਬੋਲ ਦਿੱਤਾ। ਇਸ ਮੌਕੇ 50-60 ਹਥਿਆਰਬੰਦ ਵਿਅਕਤੀਆਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਸਾਧ ਵਲੋਂ ਗੰਦੀਆਂ ਗਾਲ੍ਹਾਂ ਸ਼ਰੇਆਮ ਕੱਢੀਆਂ ਗਈਆਂ ਅਤੇ ਆਪਣੀ ਕਾਰ ਨੰਬਰ ਪੀ.ਬੀ. 10 ਸੀਬੀ 698 ਜਿਸ ਵਿਚੋਂ ਪੁਲਿਸ ਨੇ ਮੌਕੇ ਤੋਂ ਕਿਰਪਾਨਾਂ ਬਰਾਮਦ ਕੀਤੀਆਂ, ਵਿਚ ਸਵਾਰ ਹੋ ਕੇ ਆਇਆ ਸੀ। ਮੌਕੇ ’ਤੇ ਪਹੁੰਚੀ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਦੂਰੋਂ ਵੇਖ ਕੇ ਸਾਧ ਦੇ ਗੁੰਡੇ ਦੌੜ ਗਏ, ਪ੍ਰੰਤੂ ਕਾਲਜ ਦੀਆਂ ਲੜਕੀਆਂ ਅਤੇ ਨੇੜੇ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਇਸ ਸਾਧ ਨੂੰ ਘੇਰ ਲਿਆ ਅਤੇ ਚੰਗੀ ਛਿੱਤਰ ਪਰੇਡ ਕੀਤੀ। ਸਾਧ ਦੀ ਗੱਡੀ ਨੂੰ ਵੀ ਗੁੱਸੇ ਵਿਚ ਲੋਕਾਂ ਨੇ ਭੰਨ ਦਿੱਤਾ। ਪੁਲਿਸ ਨੇ ਮੌਕੇ ’ਤੇ ਹੀ ਕਾਰਵਾਈ ਕਰਦੇ ਹੋਏ ਸਾਧ ਚਰਨ ਸਿੰਘ ਕੰਨੀਆਂ, ਡਾ. ਪਰਮਿੰਦਰ ਸਿੰਘ, ਉਸ ਦੀ ਪਤਨੀ, ਸਾਧ ਦਾ ਚੇਲਾ ਪ੍ਰਦੀਪ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਘਟਨਾ ਦੇ ਸਬੰਧ ਵਿਚ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾ ਦਰਜ ਕਰਕੇ ਦੂਜੇ ਸਾਥੀਆਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
|