|
ਗੁਰਸੇਵਕ ਸਿੰਘ ਧੌਲਾ
ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਕੀਤੇ ਹਨ, ਇਹਨਾਂ ਸਭ ਸ਼ਬਦਾਂ ਦਾ ਸਾਂਝਾ ਉਪਦੇਸ਼ ਗੁਰੂ ਆਸੇ ਅਨੁਸਾਰ ਨਾਮ ਸਿਮਰਨ ਦੀ ਸ਼ਕਤੀ ਨਾਲ ਜਾਤ-ਅਭਿਮਾਨੀ ਲੋਕਾਂ ਦਾ ਹੰਕਾਰ ਤੋੜਨਾ, ਚੰਗੇ ਸਮਾਜ ਦੀ ਸਿਰਜਣਾ ਪ੍ਰਾਪਤੀ ਅਤੇ ਮਨੁੱਖ ਅਤੇ ਪ੍ਰਮਾਤਮਾ ਵਿਚ ਕੋਈ ਵੀ ਫਰਕ ਨਾ ਹੋਣ ਦਾ ਸੰਦੇਸ਼ ਹੈ। ਭਗਤ ਰਵਿਦਾਸ ਜੀ ਦੀ ਬਾਣੀ ਵਿਚੋਂ ਰਾਗ ਗਾਉੜੀ
ਦਾ ਇਕ ਸ਼ਬਦ ‘ਬੇਗਮਪੁਰਾ ਸਹਰ ਕੋ ਨਾਉ॥ ਵੀ ਦਰਜ ਹੈ ਜਿਸ ਵਿਚ ਭਗਤ ਜੀ ਨੇ ਇਕ ਅਜਿਹੀ ਮਾਨਸਿਕ ਅਵਸਥਾ ਦਾ ਚਿਤਰਨ ਕੀਤਾ ਹੈ, ਜੋ ਪ੍ਰਮਾਤਮਾ ਨਾਲ ਜੁੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵਸਥਾ ਵਿਚ ਪੁੱਜਾ ਮਨੁੱਖ ਜਦੋਂ ਪ੍ਰਮਾਤਮਾ ਦਾ ਭੇਦ ਸਮਝ ਜਾਂਦਾ ਹੈ ਤਾਂ ਇਸ ਦੁਨੀਆਂ ਦੇ ਸਭ ਸੰਸੇ-ਫਿਕਰ ਖਤਮ ਹੋ ਜਾਂਦੇ ਹਨ। ਭਗਤ ਰਵਿਦਾਸ ਜੀ ਨੇ ਇਸ ਅਵਸਥਾ ਨੂੰ ‘ਬੇਗਮਪੁਰਾ’ ਦਾ ਨਾਮ ਦਿੱਤਾ ਹੈ ਜਿਸ ਵਿਚ ਸ਼ਹਿਰ ਤੋਂ ਭਾਵ ਮਨੁੱਖਾ ਸਰੀਰ ਹੈ। ਉਹਨਾਂ ਦਾ ਅਜਿਹੇ ਹੀ ਸ਼ਬਦ ਭਾਵ ਦਾ ਇਕ ਸ਼ਬਦ ਭੈਰਉ ਰਾਗ ਵਿਚ ਦਰਜ ਹੈ (ਮਨਕਾ ਸੁਭਾਓ ਸਭੁ ਕੋਈ ਕਰੈ॥ ਕਰਤਾ ਹੋਏ ਸੁ ਅਨਭੈ ਰਹੈ॥2॥) ਜਿਸ ਦਾ ਭਾਵ ਹੈ ਕਿ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਪਿੱਛੇ ਤੁਰਨ ਦੀ ਥਾਂ ਸਿਮਰਨ ਸ਼ਕਤੀ ਦੁਆਰਾ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਅਜਿਹੀ ਆਤਮਿਕ ਅਵਸਥਾ ਵਿਚ ਪੁੱਜੇ ਮਨੁੱਖ ਨੂੰ ਕੋਈ ਡਰ ਭੈਅ ਨਹੀਂ ਰਹਿੰਦਾ। ਇਸ ਸ਼ਬਦ ਦੇ ਅਖੀਰ ਵਿਚ ਭਗਤ ਜੀ ਨੇ ਸਿੱਖਿਆ ਦਿੱਤੀ ਹੈ ਕਿ ਜੋ ਲੋਕ ਪ੍ਰਭੂ ਸਿਮਰਨ ਨਾਲ ਅਜਿਹੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ, ਉਹ ਸਭ ਸੱਜਣ ਮੇਰੇ ਦੋਸਤ ਮਿੱਤਰ ਹਨ।
ਭਗਤ ਰਵਿਦਾਸ ਜੀ ਸ਼ਖਸੀ ਪੂਜਾ ਦੀ ਥਾਂ ਪ੍ਰੇਮਾ ਭਗਤੀ ਵਿਚ ਲੀਨ ਰਹਿੰਦੇ ਸਨ, ਇਸ ਲਈ ਉਹਨਾਂ ਦੇ ਸਮਕਾਲੀ ਸ਼ਖਸੀ ਪੁਜਾਰੀਆਂ ਨਾਲ ਭਗਤ ਜੀ ਦੀ ਹਮੇਸ਼ਾ ਵਿਚਾਰਧਾਰਕ ਜੰਗ ਜਾਰੀ ਰਹੀ ਨਾਮ ਸਿਮਰਨ ਦੀ ਸ਼ਕਤੀ ਦਾ ਹੀ ਕ੍ਰਿਸਮਾ ਸੀ ਕਿ ਜਾਤ-ਅਭਿਮਾਨੀ ਪੰਡਤ ਜੋ ਉਹਨਾਂ ਲਈ ਢੇਡ (ਨੀਚ) ਸ਼ਬਦ ਵਰਤੇ ਸਨ। ਰਵਿਦਾਸ ਜੀ ਨੂੰ ਡੰਡਾਉਤ ਕਰਨ ਲੱਗੇ (ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ॥3॥2॥) ਇਹ ਹੀ ਕਾਰਨ ਸੀ ਕਿ ਗੁਰੂ ਨਾਨਕ ਦੇ ਸਿਧਾਂਤ ਸਰਬਸਾਂਝੇ ਮਨੁੱਖੀ ਭਾਈਚਾਰੇ ਦੇ ਹਾਮੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਮਿਲ ਗਈ।
ਜਿਸ ਭਗਤ ਰਵਿਦਾਸ ਜੀ ਨੂੰ ਸਾਰੀ ਉਮਰ ਬਿਪਰਵਾਦ ਨੇ ਅਰਾਮ ਨਾਲ ਜਿਉਣ ਨਹੀਂ ਦਿੱਤਾ, ਸਮੇਂ ਦੇ ਗੇੜ ਵਿਚ ਉਸ ਹੀ ਭਗਤ ਜੀ ਦੀ ਵਿਰਾਸਤ ਮੰਨਿਆ ਜਾਣ ਵਾਲਾ ਭਾਈਚਾਰਾ ਫਿਰ ਤੋਂ ਮੁੜ ਬਿਪਰਵਾਦ ਦੇ ਲਪੇਟੇ ਵਿਚ ਆ ਰਿਹਾ ਹੈ। ਰਵਿਦਾਸ ਜੀ ਦੇ ਆਸੇ ਦੇ ਵਿਰੁੱਧ ਇਸ ਭਾਈਚਾਰੇ ਦੇ ਆਗੂ ਲੋਕ ਆਪਣੇ ਹੀ ਭਾਈਚਾਰੇ ਨੂੰ ਮੁੜ ਬ੍ਰਾਹਮਣਵਾਦ ਦੇ ਸਮੁੰਦਰ ਵਿਚ ਡੋਬਣ ਲਈ ਲੈ ਤੁਰੇ ਹਨ। ਇਸ ਸਮੇਂ ਰਵਿਦਾਸ ਜੀ ਦੀ ਬਹੁਤੀ ਬਾਣੀ ਦਾ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ। ਕੁਝ ਮਹੀਨੇ ਪਹਿਲਾਂ ਵਿਆਨਾ ਕਾਂਡ ਨੂੰ ਮੁੱਦਾ ਬਣਾ ਕੇ ਜਿਸ ਤਰਾਂ ਰਵਿਦਾਸ ਭਾਈਚਾਰੇ ਨੂੰ ਸਿੱਖੀ ਤੋਂ ਅਲੱਗ ਕਰਨ ਦੇ ਯਤਨ ਕੀਤੇ ਗਏ ਹਨ, ਉਹ ਬਿਪਰਵਾਦ ਦੀ ਅਸਲੀ ਤਸਵੀਰ ਹਨ। ਸਿੱਖ ਵਿਰੋਧੀ ਤਾਕਤਾਂ ਨੂੰ ਇਹ ਚੰਗੀ ਤਰਾਂ ਪਤਾ ਹੈ ਕਿ ਜਦ ਤੱਕ ਇਹ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸ਼ਬਦ ਗੁਰੂ’ ਸਿਧਾਂਤ ਨੂੰ ਮੰਨੇਗਾ ਓਨਾ ਸਮਾਂ ਉਸ ਦਾ ਬ੍ਰਾਹਮਣੀਕਰਨ ਕਰਨਾ ਔਖਾ ਹੈ। ਅਜਿਹਹੇ ਯਤਨਾਂ ਵਿਚ ਬਿਪਰਵਾਦੀ ਤਾਕਤਾਂ ਨਾਮਵਰ ਲੋਕਾਂ ਨੂੰ ਵਰਤ ਰਹੀਆਂ ਹਨ। ਜਿਸ ਦੀ ਮਸਾਲ ਅੱਜਕਲ ਚਰਚਿਤ ਗੀਤ ‘ਵੱਖਰਾ ਪੰਥ ਚਲਾਉਣਾ ਹੈ’ ਤੋਂ ਲਈ ਜਾ ਸਕਦੀ ਹੈ। ਮਿਸ ਪੂਜਾ ਕਿਸ਼ੋਰ ਉਮਰ ਦੇ ਨੌਜੁਆਨਾਂ ਦੀਆਂ ਭਖਦੀਆਂ ਭਾਵਨਾਵਾਂ ਨੂੰ ਭੜਕਾਅ ਕੇ ਸਟਾਰ ਬਣੀ ਹੈ। ਇਸ ਗਾਇਕਾ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀਆਂ ਇਕ ਸਾਲ ਵਿਚ ਤਿੰਨ ਸੌ ਤੋਂ ਵੱਧ ਕੈਸਿਟਾਂ ਅਲੱਗ-ਅਲੱਗ ਗਾਇਕਾਂ ਨਾਲ ਰਿਕਾਰਡ ਹੋਈਆਂ ਹਨ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਕੁੜੀ ਨੂੰ ਆਪਣੇ ਗੀਤਾਂ ਨੂੰ ਪਰਖਣ ਲਈ ਕਿੰਨਾ ਕੁ ਸਮਾਂ ਮਿਲਦਾ ਹੋਵੇਗਾ? ਜਦੋਂ ਦੀ ਸੰਗੀਤ ਇੰਡਸਟਰੀ ਨੇ ਗੀਤਾਂ ਨੂੰ ਵਪਾਰਕ ਵਸਤੂ ਵਜੋਂ ਵੇਚਣਾ ਸ਼ੁਰੂ ਕੀਤਾ ਹੈ, ਉਸ ਸਮੇਂ ਤੋਂ ਇਸ ਖੇਤਰ ਦਾ ਭੱਠਾ ਬੈਠ ਗਿਆ ਹੈ। ਮਿਸ ਪੂਜਾ ਦੀ ਇਹ ਕੈਸਿਟ ਵੀ ਅਜਿਹੀ ਸੋਚ ਦੀ ਉਪਜ ਹੈ, ਜਿਸ ਨਾਲ ਹੁਣ ਧਾਰਮਿਕ ਭਾਵਨਾਵਾਂ ਨੂੰ ਹਵਾ ਦੇ ਕੇ ਇਕ ਭਾਈਚਾਰੇ ਦੀ ਸੋਚ ਨੂੰ ਜਿੰਦੇ ਲਾਉਣ ਦਾ ਯਤਨ ਕੀਤਾ ਗਿਆ ਹੈ। ਇਸ ਇਤਰਾਜ਼ਯੋਗ ਗੀਤ ਦੇ ਬੋਲ ਹਨ
‘‘ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵਿਦਾਸ ਦੇ ਗਾਵੋ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਏ।
ਸਾਰੇ ਕਰ ਲਵੋ ਏਕਾ ਬੇਗਮਪੁਰਾ ਵਸਾਉਣਾ ਹੈ’’
ਇਸੇ ਗੀਤ ਵਿਚ ਅੱਗੇ ਗਾਇਕਾਂ ਆਖਦੀ ਹੈ ਕਿ ‘ਏਕਸ ਕੇ ਹਮ ਬਾਰਿਕ ਇਕੋ ਪਿਤਾ ਬਣਾਉਣਾ ਹੈ’ ਜਦ ਇਹ ਬੋਲ ਚੱਲ ਰਹੇ ਹੁੰਦੇ ਹਨ ਤਾਂ ਇਸੇ ਸਮੇਂ ਵੀ.ਡੀ.ਓ. ਤੋਂ ‘ਹਰਿ’ ਦਾ ਅਕਸ ਉਭਰਦਾ ਹੈ, ਜਿਸ ਨੂੰ ਰਵਿਦਾਸ ਭਾਈਚਾਰਾ ਆਪਣਾ ਲੋਗੋ ਸਮਝਦਾ ਹੈ। ਗੀਤ ਵਿਚ ਰਵਿਦਾਸ ਜੀ ਦੇ ਨਾਮ ਜੈਕਾਰੇ ਵੀ ਸੁਣਾਈ ਦਿੰਦੇ ਹਨ। ਇਸ ਗੀਤ ਤੋਂ ਸਪੱਸ਼ਟ ਹੈ ਕਿ ਇਸ ਗੀਤ ਦਾ ਖਾਸ ਮਕਸਦ ਹੈ ਅਤੇ ਗਾਇਕਾਂ ਨੂੰ ਇਹ ਵੀ ਸਮਝ ਨਹੀਂ ਕਿ ਅਸਲ ਵਿਚ ਬੇਗਮਪੁਰਾ ਤੋਂ ਕੀ ਭਾਵ ਹੈ। ਜਾਂ ਤਾਂ ਗਾਇਕਾ ਬੇਗਮਪੁਰੇ ਨੂੰ ਕੋਈ ਇੱਟਾਂ ਜਾਂ ਸੀਮਿੰਟ ਦਾ ਸ਼ਹਿਰ ਸਮਝਦੀ ਹੈ ਅਤੇ ਜਾਂ ਫਿਰ ਪੈਸੇ ਦੇ ਲਾਲਚ ਜਾਂ ਰਵਿਦਾਸ ਭਾਈਚਾਰੇ ਦੇ ਦੁਸ਼ਮਣਾਂ ਨਾਲ ਸਾਂਝ ਦੀ ਗੱਲ ਸਮਝ ਪੈਂਦੀ ਹੈ। ਇਸੇ ਗੀਤ ਵਿਚ ਗੁਰਬਾਣੀ ਦੇ ਸ਼ਬਦ ‘ਏਕ ਪਿਤਾ ਏਕਸ ਦੇ ਹਮ ਬਾਰਿਕ’ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੋ ਗੀਤ ਦੇ ਬੋਲਾਂ ਦੇ ਬਿਲਕੁਲ ਅਨੁਕੂਲ ਹੀ ਨਹੀਂ ਸਗੋਂ ਵਿਰੋਧੀ ਵੀ ਹੈ। ਕਿਉਂਕਿ ਇਸ ਗੀਤ ਵਿਚ ਏਕੇ ਦੀ ਥਾਂ ਫੁੱਟ ਦੀ ਗੱਲ ਭਾਰੂ ਹੈ।
ਮਿਸ ਪੂਜਾ ਨੂੰ ਇਹ ਗੱਲ ਵੀ ਭਲੀਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਗਾਇਕੀ ਦੇ ਖੇਤਰ ਵਿਚ ਉਹ ਕੋਈ ਇਕੱਲੀ ਹੀ ਅਜਿਹੀ ਗਾਇਕਾ ਨਹੀਂ ਹੈ ਜਿਸ ਨੇ ਮਕਬੂਲਤਾ ਹਾਸਲ ਕੀਤੀ ਹੈ। ਪੰਜਾਬੀ ਗਾਇਕਾਂ ਵਿਚ ਸੈਂਕੜੇ ਅਜਿਹੀਆਂ ਮਸਾਲਾਂ ਹਨ ਜੋ ਗਾਇਕ ਗੈਰ ਸਮਾਜਿਕ ਗੀਤਾਂ ਨਾਲ ਰਾਤੋ ਰਾਤ ਸਟਾਰ ਬਣੇ ਅਤੇ ਦੋ ਚਾਰ ਸਾਲਾਂ ਤੋਂ ਬਾਅਦ ਉਸ ਨੂੰ ਕਿਸੇ ਨੇ ਯਾਦ ਨਹੀਂ ਕੀਤਾ। ਇਸ ਦੇ ਉਲਟ ਸਮਝਦਾਰੀ ਅਤੇ ਮਿਹਨਤ ਨਾਲ ਮੁਕਾਮ ਹਾਸਲ ਕਰਨ ਵਾਲੇ ਅਮਰ ਸਿੰਘ ਸੌਂਕੀ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੀ ਅੱਜ ਵੀ ਲੋਕਾਂ ਵਿਚ ਮਕਬੂਲੀਅਤ ਹੈ। ਪੈਸੇ ਦੇ ਪੁੱਤ ਗਾਇਕਾਂ ਨੂੰ ਲੋਕ ਸੁਆਦ ਲੈਣ ਤੋਂ ਬਾਅਦ ਕੇਲੇ ਦੇ ਛਿਲਕੇ ਵਾਂਗੂ ਸੁੱਟ ਦਿੰਦੇ ਹਨ। ਬੀਬਾ ਪੂਜਾ ਨੂੰ ਇਹ ਗੱਲ ਲੜ ਬੰਨ• ਲੈਣੀ ਚਾਹੀਦੀ ਹੈ।
|