|
ਚਿੜੀ ਨੇ ਕੀਤਾ ਕਰੋੜਾਂ ਦਾ ਨੁਕਸਾਨ |
|
|
|
|
ਲੰਡਨ, 28 ਅਪ੍ਰੈਲ : - ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕੀ ਚਿੜੀ ਵਰਗਾ ਇਕ ਛੋਟਾ ਜਿਹਾ ਪੰਛੀ ਵੀ ਕਿਸੇ ਦਾ ਨੁਕਸਾਨ ਕਰ ਸਕਦਾ ਹੈ? ਤਾਂ ਯਕੀਨੀ ਤੌਰ 'ਤੇ ਹੀ ਤੁਹਾਡਾ ਜਵਾਬ ਨਾਂਹ 'ਚ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਚਿੜੀ ਦੇ ਸਿਗਰਟ ਪ੍ਰੇਮ ਕਰਕੇ ਲੰਡਨ ਦੀ ਇਕ ਦੁਕਾਨ 'ਚ ਅੱਗ ਲੱਗ ਗਈ ਅਤੇ ਉਸ ਦੁਕਾਨ ਦੇ ਮਾਲਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਪਾਲ ਸ਼ੇਰਿਫ ਨੂੰ ਇਸ ਅੱਗ ਤੋਂ ਤਕਰੀਬਨ ਢਾਈ ਲੱਖ ਪੌਂਡ ਦਾ ਨੁਕਸਾਨ ਹੋਇਆ। ਆਮ ਤੌਰ 'ਤੇ ਪੰਛੀ ਘੁੰਮ-ਫਿਰ ਕੇ ਤੀਲੇ ਇਕੱਠੇ ਕਰਦੇ ਹਨ ਅਤੇ
ਆਪਣੇ ਆਲ੍ਹਣੇ ਬਣਾਉਂਦੇ ਹਨ ਪਰ ਇਹ ਚਿੜੀ ਆਪਣਾ ਆਲ੍ਹਣਾ ਬਣਾਉਣ ਲਈ ਖ਼ਾਸ ਤੌਰ 'ਤੇ ਸਿਗਰਟ ਦੇ ਬਚੇ ਹੋਏ ਟੁਕੜੇ ਇਕੱਠੇ ਕਰਦੀ ਸੀ। ਉਸ ਨੇ ਪਾਲ ਦੀ ਦੁਕਾਨ 'ਚ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ। ਹਾਦਸੇ ਦੀ ਜਾਂਚ ਕਰਨ ਆਏ ਬੀਮਾ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨ ਦੀ ਜਾਂਚ ਕਰਨ 'ਤੇ ਉਥੇ ਬਣੇ ਆਲ੍ਹਣੇ 'ਚੋਂ ਸਿਗਰਟ ਦੇ 35 ਟੁਕੜੇ ਮਿਲੇ।
ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਟੁਕੜਿਆਂ 'ਚ ਹੀ ਕਿਸੇ ਅੱਧਸੜੀ ਸਿਗਰਟ ਦਾ ਟੁਕੜਾ ਆ ਗਿਆ ਹੋਵੇਗਾ, ਜਿਸ ਕਰਕੇ ਅੱਗੇ ਲੱਗਣ ਦੀ ਇਹ ਘਟਨਾ ਵਾਪਰੀ। ਬੀਮਾ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ ਪਰ ਇਸ ਮਾਮਲੇ ਦੀ ਮਾਹਿਰਾਂ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਸਪੱਸ਼ਟ ਤੌਰ 'ਤੇ ਕੁਝ ਕਿਹਾ ਜਾ ਸਕੇਗਾ।
|